Skip to content

Skip to table of contents

ਸਕੂਲ ਦਾ ਕੰਮ ਕਰਨ ਲਈ ਮੈਂ ਕਿੱਥੋਂ ਸਮਾਂ ਕੱਢਾਂ?

ਸਕੂਲ ਦਾ ਕੰਮ ਕਰਨ ਲਈ ਮੈਂ ਕਿੱਥੋਂ ਸਮਾਂ ਕੱਢਾਂ?

ਨੌਜਵਾਨ ਪੁੱਛਦੇ ਹਨ . . .

ਸਕੂਲ ਦਾ ਕੰਮ ਕਰਨ ਲਈ ਮੈਂ ਕਿੱਥੋਂ ਸਮਾਂ ਕੱਢਾਂ?

‘ਹਾਈ ਸਕੂਲ ਵਿਚ ਇਹ ਮੇਰਾ ਆਖ਼ਰੀ ਸਾਲ ਹੈ। ਮੈਂ ਬਹੁਤ ਤਣਾਅ ਵਿਚ ਹਾਂ। ਇੰਨੇ ਸਾਰੇ ਪ੍ਰਾਜੈਕਟ ਤੇ ਪੇਸ਼ਕਾਰੀਆਂ ਤਿਆਰ ਕਰਨ ਵਾਲੀਆਂ ਹਨ। ਇਹ ਸਭ ਕਰਨਾ ਮੇਰੇ ਵੱਸ ਦੀ ਗੱਲ ਨਹੀਂ। ਇਨ੍ਹਾਂ ਨੂੰ ਤਿਆਰ ਕਰਨ ਲਈ ਮੇਰੇ ਕੋਲ ਸਮਾਂ ਹੀ ਨਹੀਂ ਹੈ।’—ਇਕ 18-ਸਾਲਾ ਕੁੜੀ।

ਕੀ ਤੁਸੀਂ ਹਰ ਰੋਜ਼ ਸਕੂਲ ਦੇ ਢੇਰ ਸਾਰੇ ਕੰਮ ਦੇ ਬੋਝ ਥੱਲੇ ਦੱਬੇ ਹੋਏ ਮਹਿਸੂਸ ਕਰਦੇ ਹੋ? ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਵਿਦਿਆਰਥੀ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਅਮਰੀਕਾ ਦੀ ਇਕ ਪ੍ਰੈੱਸ ਰਿਪੋਰਟ ਦੱਸਦੀ ਹੈ: “ਦੇਸ਼ ਭਰ ਦੇ ਸਕੂਲ ਆਪਣੇ ਮਿਆਰਾਂ ਨੂੰ ਉੱਪਰ ਚੁੱਕਣ ਲਈ ਵਿਦਿਆਰਥੀਆਂ ਉੱਤੇ ਦਬਾਅ ਪਾਉਂਦੇ ਹਨ ਕਿ ਉਹ ਰਾਸ਼ਟਰੀ ਪੱਧਰ ਤੇ ਹੁੰਦੇ ਇਮਤਿਹਾਨਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਨੰਬਰ ਲੈਣ। ਇਸ ਕਰਕੇ ਅਧਿਆਪਕ ਵਿਦਿਆਰਥੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਕੂਲ ਦਾ ਕੰਮ ਦਿੰਦੇ ਹਨ। ਕਈ ਥਾਵਾਂ ਤੇ ਹਾਈ ਸਕੂਲ ਦੇ ਵਿਦਿਆਰਥੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਕੂਲ ਦਾ ਕੰਮ ਖ਼ਤਮ ਕਰਨ ਲਈ ਤਿੰਨ ਤੋਂ ਜ਼ਿਆਦਾ ਘੰਟੇ ਲੱਗਦੇ ਹਨ। ਯੂਨੀਵਰਸਿਟੀ ਆਫ਼ ਮਿਸ਼ੀਗਨ ਦੁਆਰਾ ਕੀਤੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ 20 ਸਾਲ ਪਹਿਲਾਂ ਦੇ ਵਿਦਿਆਰਥੀਆਂ ਦੀ ਤੁਲਨਾ ਵਿਚ ਅੱਜ ਵਿਦਿਆਰਥੀਆਂ ਨੂੰ ਤਿੰਨ ਗੁਣਾ ਜ਼ਿਆਦਾ ਸਕੂਲ ਦਾ ਕੰਮ ਕਰਨਾ ਪੈਂਦਾ ਹੈ।”

ਸਿਰਫ਼ ਅਮਰੀਕਾ ਦੇ ਵਿਦਿਆਰਥੀਆਂ ਨੂੰ ਹੀ ਸਕੂਲ ਦਾ ਢੇਰ ਸਾਰਾ ਕੰਮ ਨਹੀਂ ਕਰਨਾ ਪੈਂਦਾ। ਮਿਸਾਲ ਲਈ, ਅਮਰੀਕਾ ਵਿਚ ਜਦ ਕਿ 13 ਸਾਲਾਂ ਦੇ 30 ਪ੍ਰਤਿਸ਼ਤ ਵਿਦਿਆਰਥੀ ਹਰ ਰੋਜ਼ ਦੋ ਘੰਟਿਆਂ ਤੋਂ ਜ਼ਿਆਦਾ ਸਮਾਂ ਸਕੂਲ ਦਾ ਕੰਮ ਕਰਨ ਵਿਚ ਲਾਉਂਦੇ ਹਨ, ਪਰ ਤਾਈਵਾਨ ਤੇ ਕੋਰੀਆ ਵਿਚ 40 ਪ੍ਰਤਿਸ਼ਤ ਅਤੇ ਫਰਾਂਸ ਵਿਚ 50 ਪ੍ਰਤਿਸ਼ਤ ਵਿਦਿਆਰਥੀ ਵੀ ਇੰਨਾ ਹੀ ਸਮਾਂ ਸਕੂਲ ਦਾ ਕੰਮ ਪੂਰਾ ਕਰਨ ਵਿਚ ਬਿਤਾਉਂਦੇ ਹਨ। “ਕਦੇ-ਕਦੇ ਮੈਂ ਬਹੁਤ ਹੀ ਤਣਾਅ ਵਿਚ ਆ ਜਾਂਦੀ ਹਾਂ ਜਦੋਂ ਬਹੁਤ ਸਾਰਾ ਕੰਮ ਇਕੱਠਾ ਹੋ ਜਾਂਦਾ ਹੈ,” ਅਮਰੀਕਾ ਦੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਕੇਟੀ ਨੇ ਕਿਹਾ। ਫਰਾਂਸ ਦੇ ਸ਼ਹਿਰ ਮਾਰਸੇਲਜ਼ ਵਿਚ ਮਰਲਿਨ ਅਤੇ ਬਲਿੰਡਾ ਨਾਂ ਦੀਆਂ ਵਿਦਿਆਰਥਣਾਂ ਵੀ ਇਵੇਂ ਮਹਿਸੂਸ ਕਰਦੀਆਂ ਹਨ। ਮਰਲਿਨ ਕਹਿੰਦੀ ਹੈ: “ਸਾਨੂੰ ਅਕਸਰ ਸ਼ਾਮ ਨੂੰ ਸਕੂਲ ਦਾ ਕੰਮ ਖ਼ਤਮ ਕਰਨ ਵਿਚ ਦੋ-ਤਿੰਨ ਘੰਟੇ ਲੱਗ ਜਾਂਦੇ ਹਨ। ਜਦੋਂ ਦੂਜੇ ਕੰਮ ਕਰਨ ਵਾਲੇ ਪਏ ਹੋਣ, ਤਾਂ ਸਕੂਲ ਦਾ ਕੰਮ ਕਰਨ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੁੰਦਾ ਹੈ।”

ਮੈਂ ਸਮਾਂ ਕਿੱਥੋਂ ਕੱਢਾਂ?

ਚੰਗਾ ਨਹੀਂ ਹੁੰਦਾ ਜੇ ਅਸੀਂ ਦਿਨ ਵਿਚ ਕੁਝ ਘੰਟੇ ਹੋਰ ਜੋੜ ਸਕਦੇ ਤਾਂਕਿ ਅਸੀਂ ਆਪਣਾ ਸਕੂਲ ਦਾ ਕੰਮ ਪੂਰਾ ਕਰਨ ਦੇ ਨਾਲ-ਨਾਲ ਦੂਜੇ ਕੰਮ ਵੀ ਕਰ ਸਕਦੇ? ਦਰਅਸਲ, ਤੁਸੀਂ ਕੁਝ ਹੱਦ ਤਕ ਆਪਣੇ ਇਹ ਕੰਮ ਪੂਰੇ ਕਰ ਸਕਦੇ ਹੋ ਜੇ ਤੁਸੀਂ ਬਾਈਬਲ ਵਿਚ ਅਫ਼ਸੀਆਂ 5:15, 16 ਦੇ ਸਿਧਾਂਤ ਨੂੰ ਲਾਗੂ ਕਰੋ। ਇਸ ਵਿਚ ਲਿਖਿਆ ਹੈ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ।” ਹਾਲਾਂਕਿ ਬਾਈਬਲ ਦੇ ਲਿਖਾਰੀ ਨੇ ਇਹ ਸ਼ਬਦ ਸਕੂਲ ਦੇ ਕੰਮ ਨੂੰ ਧਿਆਨ ਵਿਚ ਰੱਖ ਕੇ ਨਹੀਂ ਲਿਖੇ ਸਨ, ਪਰ ਇਸ ਸਿਧਾਂਤ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਲਾਗੂ ਕੀਤਾ ਜਾ ਸਕਦਾ ਹੈ। ਸਮੇਂ ਨੂੰ ਲਾਭਦਾਇਕ ਤਰੀਕੇ ਨਾਲ ਇਸਤੇਮਾਲ ਕਰਨ ਲਈ ਤੁਹਾਨੂੰ ਕੁਝ ਬੇਲੋੜੇ ਕੰਮ ਤਿਆਗਣੇ ਪੈਣਗੇ। ਕਹਿਣ ਦਾ ਮਤਲਬ ਹੈ ਕਿ ਪੜ੍ਹਾਈ ਲਈ ਸਮਾਂ ਕੱਢਣ ਵਾਸਤੇ ਤੁਹਾਨੂੰ ਕੁਝ ਕੰਮ ਛੱਡਣੇ ਪੈਣਗੇ। ਕਿਹੜੇ ਕੰਮ?

ਜੀਲੀਅਨ ਨਾਂ ਦੀ ਕੁੜੀ ਸਲਾਹ ਦਿੰਦੀ ਹੈ: “ਉਨ੍ਹਾਂ ਕੰਮਾਂ ਦੀ ਲਿਸਟ ਬਣਾਓ ਜਿਹੜੇ ਜ਼ਿਆਦਾ ਜ਼ਰੂਰੀ ਹਨ।” ਕਹਿਣ ਦਾ ਮਤਲਬ ਹੈ ਕਿ ਧਿਆਨ ਨਾਲ ਸੋਚੋ ਕਿ ਕਿਹੜੇ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਮਸੀਹੀ ਸਭਾਵਾਂ ਅਤੇ ਹੋਰ ਅਧਿਆਤਮਿਕ ਕੰਮ ਤੁਹਾਡੀ ਲਿਸਟ ਵਿਚ ਸਭ ਤੋਂ ਉੱਪਰ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ, ਘਰੇਲੂ ਕੰਮ ਅਤੇ ਸਕੂਲ ਦੇ ਕੰਮ ਨੂੰ ਵੀ ਧਿਆਨ ਵਿਚ ਰੱਖੋ।

ਫਿਰ, ਡਾਇਰੀ ਵਿਚ ਲਿਖੋ ਕਿ ਤੁਸੀਂ ਪੂਰਾ ਹਫ਼ਤਾ ਆਪਣਾ ਸਮਾਂ ਕਿਵੇਂ ਗੁਜ਼ਾਰਿਆ ਹੈ। ਤੁਸੀਂ ਸ਼ਾਇਦ ਆਪਣੇ ਸਮੇਂ ਦੀ ਵਰਤੋਂ ਬਾਰੇ ਜਾਣ ਕੇ ਹੈਰਾਨ ਹੋਵੋ। ਟੈਲੀਵਿਯਨ ਦੇਖਣ ਵਿਚ ਤੁਸੀਂ ਕਿੰਨਾ ਸਮਾਂ ਬਿਤਾਇਆ ਹੈ? ਇੰਟਰਨੈੱਟ ਦੀ ਵਰਤੋਂ, ਫਿਲਮਾਂ ਦੇਖਣ ਜਾਣ, ਫ਼ੋਨ ਤੇ ਗੱਲਾਂ ਕਰਨ ਅਤੇ ਦੋਸਤ-ਮਿੱਤਰਾਂ ਨੂੰ ਮਿਲਣ ਜਾਣ ਵਿਚ ਕਿੰਨਾ ਸਮਾਂ ਖ਼ਰਚ ਕੀਤਾ ਹੈ? ਹੁਣ ਆਪਣੇ ਜ਼ਿਆਦਾ ਮਹੱਤਵਪੂਰਣ ਕੰਮਾਂ ਦੀ ਲਿਸਟ ਦੀ ਤੁਲਨਾ ਆਪਣੀ ਡਾਇਰੀ ਨਾਲ ਕਰ ਕੇ ਦੇਖੋ ਕਿ ਤੁਸੀਂ ਜ਼ਿਆਦਾਤਰ ਸਮਾਂ ਕਿਨ੍ਹਾਂ ਕੰਮਾਂ ਵਿਚ ਲਾਉਂਦੇ ਹੋ? ਤੁਸੀਂ ਸ਼ਾਇਦ ਦੇਖੋਗੇ ਕਿ ਤੁਹਾਡਾ ਜ਼ਿਆਦਾ ਸਮਾਂ ਟੈਲੀਵਿਯਨ ਦੇਖਣ, ਫ਼ੋਨ ਤੇ ਗੱਲਾਂ ਕਰਨ ਜਾਂ ਇੰਟਰਨੈੱਟ ਦੀ ਵਰਤੋਂ ਕਰਨ ਵਿਚ ਚਲਾ ਜਾਂਦਾ ਹੈ। ਸ਼ਾਇਦ ਤੁਸੀਂ ਇਨ੍ਹਾਂ ਚੀਜ਼ਾਂ ਉੱਤੇ ਆਪਣਾ ਸਮਾਂ ਬਰਬਾਦ ਨਾ ਕਰ ਕੇ ਆਪਣਾ ਕਾਫ਼ੀ ਸਮਾਂ ਬਚਾ ਸਕਦੇ ਹੋ।

ਜ਼ਰੂਰੀ ਕੰਮ ਪਹਿਲਾਂ

ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਮਨੋਰੰਜਨ ਕਰਨਾ ਜਾਂ ਦੂਜਿਆਂ ਨਾਲ ਮਿਲਣਾ-ਗਿਲਣਾ ਬਿਲਕੁਲ ਬੰਦ ਕਰ ਦਿਓ। ਇਸ ਦੀ ਬਜਾਇ, ਤੁਹਾਨੂੰ ਸ਼ਾਇਦ ਇਹ ਨਿਯਮ ਬਣਾਉਣ ਦੀ ਲੋੜ ਹੈ, “ਜ਼ਰੂਰੀ ਕੰਮ ਪਹਿਲਾਂ ਕਰੋ।” ਇਕ ਬਾਈਬਲ ਹਵਾਲਾ ਦੱਸਦਾ ਹੈ ਕਿ ਤੁਸੀਂ “ਚੰਗ ਚੰਗੇਰੀਆਂ” ਯਾਨੀ ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਪਹਿਲ ਦਿਓ। (ਫ਼ਿਲਿੱਪੀਆਂ 1:10) ਮਿਸਾਲ ਲਈ, ਤੁਸੀਂ ਜਾਣਦੇ ਹੋ ਕਿ ਸਕੂਲ ਦੀ ਪੜ੍ਹਾਈ ਬਹੁਤ ਮਹੱਤਵਪੂਰਣ ਹੈ। ਇਸ ਲਈ ਤੁਸੀਂ ਆਪਣੇ ਲਈ ਇਹ ਨਿਯਮ ਬਣਾ ਸਕਦੇ ਹੋ ਕਿ ਤੁਸੀਂ ਤਦ ਤਕ ਟੈਲੀਵਿਯਨ ਨਹੀਂ ਦੇਖੋਗੇ ਜਦ ਤਕ ਤੁਹਾਡਾ ਘਰ ਦਾ ਕੰਮ, ਮਸੀਹੀ ਸਭਾਵਾਂ ਦੀ ਤਿਆਰੀ ਅਤੇ ਸਕੂਲ ਦਾ ਕੰਮ ਖ਼ਤਮ ਨਹੀਂ ਹੋ ਜਾਂਦਾ। ਇਹ ਸੱਚ ਹੈ ਕਿ ਕੋਈ ਮਨ-ਪਸੰਦ ਨਾਟਕ ਖੁੰਝ ਜਾਣ ਤੇ ਬਹੁਤ ਨਿਰਾਸ਼ਾ ਹੁੰਦੀ ਹੈ। ਪਰ ਧਿਆਨ ਨਾਲ ਜਾਂਚ ਕਰ ਕੇ ਦੇਖੋ ਕਿ ਤੁਸੀਂ ਕਿੰਨੀ ਕੁ ਵਾਰ ਸਿਰਫ਼ ਆਪਣਾ ਮਨ-ਪਸੰਦ ਨਾਟਕ ਦੇਖਣ ਲਈ ਟੈਲੀਵਿਯਨ ਅੱਗੇ ਬੈਠੇ ਤੇ ਫਿਰ ਪੂਰੀ ਸ਼ਾਮ ਫ਼ਜ਼ੂਲ ਹੀ ਟੈਲੀਵਿਯਨ ਦੇਖਣ ਵਿਚ ਲੰਘਾ ਦਿੱਤੀ।

ਦੂਜੇ ਪਾਸੇ, ਤੁਹਾਨੂੰ ਮਸੀਹੀ ਸਭਾਵਾਂ ਨੂੰ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ। ਮਿਸਾਲ ਲਈ, ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਸਕੂਲ ਵਿਚ ਕੋਈ ਅਹਿਮ ਟੈੱਸਟ ਦੇਣਾ ਹੈ ਜਾਂ ਕੋਈ ਭਾਗ ਪੇਸ਼ ਕਰਨਾ ਹੈ, ਤਾਂ ਕਾਫ਼ੀ ਦਿਨ ਪਹਿਲਾਂ ਹੀ ਉਸ ਦੀ ਤਿਆਰੀ ਕਰਨ ਦੀ ਕੋਸ਼ਿਸ਼ ਕਰੋ ਤਾਂਕਿ ਤੁਸੀਂ ਸਭਾਵਾਂ ਵਿਚ ਜਾਣ ਤੋਂ ਨਾ ਖੁੰਝ ਜਾਓ। ਤੁਸੀਂ ਆਪਣੇ ਅਧਿਆਪਕਾਂ ਨਾਲ ਵੀ ਗੱਲ ਕਰ ਸਕਦੇ ਹੋ ਕਿ ਤੁਹਾਡੀਆਂ ਸਭਾਵਾਂ ਕਿਹੜੇ-ਕਿਹੜੇ ਦਿਨ ਹੁੰਦੀਆਂ ਹਨ। ਉਨ੍ਹਾਂ ਨੂੰ ਬੇਨਤੀ ਕਰੋ ਕਿ ਜੇ ਉਹ ਸਭਾਵਾਂ ਵਾਲੇ ਦਿਨ ਤੇ ਕੋਈ ਕੰਮ ਦੇਣ ਬਾਰੇ ਸੋਚ ਰਹੇ ਹਨ, ਤਾਂ ਉਹ ਪਹਿਲਾਂ ਹੀ ਤੁਹਾਨੂੰ ਦੱਸ ਦੇਣ, ਤਾਂਕਿ ਤੁਸੀਂ ਪਹਿਲਾਂ ਹੀ ਉਹ ਕੰਮ ਖ਼ਤਮ ਕਰ ਸਕੋ। ਹੋ ਸਕਦਾ ਕੁਝ ਅਧਿਆਪਕ ਤੁਹਾਡੀ ਬੇਨਤੀ ਸਵੀਕਾਰ ਕਰ ਲੈਣ।

ਬਾਈਬਲ ਦੇ ਇਕ ਬਿਰਤਾਂਤ ਵਿਚ ਇਕ ਹੋਰ ਵਧੀਆ ਸਿਧਾਂਤ ਸਿੱਖਣ ਨੂੰ ਮਿਲਦਾ ਹੈ। ਇਹ ਬਿਰਤਾਂਤ ਯਿਸੂ ਦੀ ਦੋਸਤ ਮਾਰਥਾ ਬਾਰੇ ਹੈ। ਉਹ ਬੜੀ ਸੁਲਝੀ ਹੋਈ ਤੇ ਮਿਹਨਤੀ ਔਰਤ ਸੀ, ਪਰ ਉਸ ਨੇ ਇਹ ਨਿਸ਼ਚਿਤ ਨਹੀਂ ਕੀਤਾ ਸੀ ਕਿ ਕਿਹੜੇ ਕੰਮ ਨੂੰ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਸੀ। ਇਕ ਮੌਕੇ ਤੇ, ਉਹ ਯਿਸੂ ਦੇ ਖਾਣ ਲਈ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਕਰਕੇ ਉਹ ਕਾਫ਼ੀ ਥੱਕ ਗਈ। ਪਰ ਉਸ ਦੀ ਭੈਣ ਮਰਿਯਮ ਉਸ ਦੀ ਮਦਦ ਕਰਨ ਦੀ ਬਜਾਇ ਯਿਸੂ ਦੀਆਂ ਗੱਲਾਂ ਸੁਣ ਰਹੀ ਸੀ। ਜਦੋਂ ਮਾਰਥਾ ਨੇ ਯਿਸੂ ਕੋਲ ਮਰਿਯਮ ਦੀ ਸ਼ਿਕਾਇਤ ਕੀਤੀ, ਤਾਂ ਯਿਸੂ ਨੇ ਉਸ ਨੂੰ ਕਿਹਾ: “ਮਾਰਥਾ ਮਾਰਥਾ, ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ। ਪਰ ਇੱਕ [ਚੀਜ਼] ਦੀ ਲੋੜ ਹੈ। ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸਿੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।”—ਲੂਕਾ 10:41, 42.

ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ? ਆਪਣੇ ਆਪ ਨੂੰ ਬਹੁਤਾ ਨਾ ਉਲਝਾਓ। ਤੁਸੀਂ ਇਹ ਸਿਧਾਂਤ ਆਪਣੇ ਉੱਤੇ ਕਿਵੇਂ ਲਾਗੂ ਕਰ ਸਕਦੇ ਹੋ? ਕੀ ਤੁਸੀਂ ‘ਬਹੁਤੀਆਂ ਵਸਤਾਂ ਦੀ ਚਿੰਤਾ ਕਰਦੇ ਹੋ ਅਤੇ ਘਬਰਾਉਂਦੇ ਹੋ’—ਸ਼ਾਇਦ ਇੱਕੋ ਸਮੇਂ ਤੇ ਸਕੂਲ ਦਾ ਕੰਮ ਤੇ ਪਾਰਟ-ਟਾਈਮ ਨੌਕਰੀ ਕਰਨ ਦੀ ਕੋਸ਼ਿਸ਼ ਕਰਦੇ ਹੋ? ਜੇ ਤੁਸੀਂ ਨੌਕਰੀ ਕਰਦੇ ਹੋ, ਤਾਂ ਕੀ ਸੱਚ-ਮੁੱਚ ਤੁਹਾਡੇ ਪਰਿਵਾਰ ਨੂੰ ਪੈਸੇ ਦੀ ਲੋੜ ਹੈ? ਜਾਂ ਕੀ ਤੁਸੀਂ ਸਿਰਫ਼ ਆਪਣੀਆਂ ਮਨ-ਪਸੰਦ ਚੀਜ਼ਾਂ ਖ਼ਰੀਦਣ ਲਈ ਨੌਕਰੀ ਕਰਦੇ ਹੋ, ਜਦ ਕਿ ਤੁਹਾਨੂੰ ਉਨ੍ਹਾਂ ਚੀਜ਼ਾਂ ਦੀ ਅਸਲ ਵਿਚ ਲੋੜ ਨਹੀਂ ਹੈ?

ਮਿਸਾਲ ਲਈ, ਕੁਝ ਦੇਸ਼ਾਂ ਵਿਚ ਨੌਜਵਾਨ ਕਾਰ ਖ਼ਰੀਦਣੀ ਚਾਹੁੰਦੇ ਹਨ। ਹਾਈ ਸਕੂਲ ਵਿਚ ਸਲਾਹਕਾਰ ਕੈਰਨ ਟਰਨਰ ਕਹਿੰਦੀ ਹੈ ਕਿ “ਕਾਰ ਉੱਤੇ ਬਹੁਤ ਖ਼ਰਚਾ ਆਉਂਦਾ ਹੈ। ਇਸ ਲਈ ਅੱਜ ਨੌਜਵਾਨਾਂ ਉੱਤੇ ਸਭ ਤੋਂ ਜ਼ਿਆਦਾ ਦਬਾਅ ਇਹੀ ਹੈ ਕਿ ਕਾਰ ਰੱਖਣ ਲਈ ਉਨ੍ਹਾਂ ਕੋਲ ਜਾਂ ਤਾਂ ਜ਼ਿਆਦਾ ਪੈਸਾ ਹੋਵੇ ਜਾਂ ਉਹ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ।” ਪਰ ਅਖ਼ੀਰ ਵਿਚ ਟਰਨਰ ਕਹਿੰਦੀ ਹੈ: “ਮੁਸ਼ਕਲ ਉਦੋਂ ਪੈਦਾ ਹੁੰਦੀ ਹੈ ਜਦੋਂ ਤੁਸੀਂ ਬਹੁਤ ਸਾਰੇ ਕੰਮ ਆਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਕਰਦੇ ਹੋ ਜਿਵੇਂ ਕਿ ਸਕੂਲ ਦਾ ਢੇਰ ਸਾਰਾ ਕੰਮ ਕਰਨ ਦੇ ਨਾਲ-ਨਾਲ ਖੇਡਾਂ ਵਗੈਰਾ ਵਿਚ ਹਿੱਸਾ ਲੈਣਾ ਅਤੇ ਨੌਕਰੀ ਕਰਨੀ। ਫਿਰ ਵਿਦਿਆਰਥੀ ਆਪਣੇ ਆਪ ਨੂੰ ਬੋਝ ਥੱਲੇ ਦੱਬਿਆ ਮਹਿਸੂਸ ਕਰਦਾ ਹੈ।” ਤਾਂ ਫਿਰ ਖਾਹਮਖਾਹ ਆਪਣੇ ਆਪ ਤੇ ਬੋਝ ਪਾਉਣ ਦੀ ਕੀ ਲੋੜ ਹੈ? ਜੇ ਤੁਹਾਡਾ ਸਕੂਲ ਦਾ ਕੰਮ ਪੂਰਾ ਨਹੀਂ ਹੋ ਰਿਹਾ ਹੈ, ਤਾਂ ਤੁਸੀਂ ਸ਼ਾਇਦ ਅਜਿਹੀ ਨੌਕਰੀ ਕਰ ਸਕਦੇ ਹੋ ਜਿਸ ਵਿਚ ਥੋੜ੍ਹੇ ਜਿਹੇ ਘੰਟੇ ਕੰਮ ਕਰਨਾ ਪੈਂਦਾ ਹੈ ਜਾਂ ਫਿਰ ਨੌਕਰੀ ਹੀ ਛੱਡ ਦਿਓ।

ਸਕੂਲ ਵਿਚ ਸਮੇਂ ਨੂੰ ਲਾਭਦਾਇਕ ਤਰੀਕੇ ਨਾਲ ਵਰਤੋ

ਸਕੂਲ ਤੋਂ ਬਾਅਦ ਹੋਮਵਰਕ ਲਈ ਹੋਰ ਸਮਾਂ ਕੱਢਣ ਬਾਰੇ ਸੋਚਣ ਦੀ ਬਜਾਇ, ਇਹ ਸੋਚੋ ਕਿ ਤੁਸੀਂ ਸਕੂਲ ਵਿਚ ਹੁੰਦਿਆਂ ਆਪਣੇ ਸਮੇਂ ਦੀ ਹੋਰ ਚੰਗੀ ਵਰਤੋਂ ਕਿਵੇਂ ਕਰ ਸਕਦੇ ਹੋ। ਹੋਸਵੇ ਕਹਿੰਦਾ ਹੈ: “ਸਕੂਲੇ ਜਦੋਂ ਸਾਨੂੰ ਸਕੂਲ ਦਾ ਕੰਮ ਕਰਨ ਲਈ ਕੁਝ ਸਮਾਂ ਦਿੱਤਾ ਜਾਂਦਾ ਹੈ, ਤਾਂ ਮੈਂ ਜ਼ਿਆਦਾ ਤੋਂ ਜ਼ਿਆਦਾ ਕੰਮ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਇਸ ਤਰ੍ਹਾਂ, ਜੇ ਮੈਨੂੰ ਕੋਈ ਗੱਲ ਸਮਝ ਨਾ ਆਈ ਹੋਵੇ, ਤਾਂ ਮੈਂ ਉਸੇ ਸਮੇਂ ਅਧਿਆਪਕ ਨੂੰ ਪੁੱਛ ਲੈਂਦਾ ਹਾਂ।”

ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਚੁਣੇ ਹੋਏ ਵਾਧੂ ਵਿਸ਼ਿਆਂ ਵਿੱਚੋਂ ਕਿਹੜੇ ਕੁਝ ਵਿਸ਼ਿਆਂ ਨੂੰ ਛੱਡਿਆ ਜਾ ਸਕਦਾ ਹੈ। ਤੁਸੀਂ ਇਸ ਗੱਲ ਤੇ ਵੀ ਗੌਰ ਕਰਨਾ ਚਾਹੋਗੇ ਕਿ ਪੜ੍ਹਾਈ ਤੋਂ ਇਲਾਵਾ ਤੁਸੀਂ ਸਕੂਲ ਵਿਚ ਹੋਰ ਕਿਹੜੀਆਂ ਗਤੀਵਿਧੀਆਂ ਵਿਚ ਭਾਗ ਲੈਂਦੇ ਹੋ। ਕੀ ਉਨ੍ਹਾਂ ਵਿੱਚੋਂ ਕੁਝ ਗਤੀਵਿਧੀਆਂ ਨੂੰ ਛੱਡਿਆ ਜਾ ਸਕਦਾ ਹੈ? ਇਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਨਾਲ ਤੁਹਾਨੂੰ ਪੜ੍ਹਾਈ ਲਈ ਹੋਰ ਸਮਾਂ ਮਿਲ ਸਕਦਾ ਹੈ।

ਸਮੇਂ ਦੀ ਹੋਰ ਚੰਗੀ ਵਰਤੋਂ ਕਰੋ

ਹੁਣ ਤੁਸੀਂ ਕੁਝ ਕੁਰਬਾਨੀਆਂ ਅਤੇ ਸੁਧਾਰ ਕਰ ਕੇ ਸਕੂਲ ਦੇ ਕੰਮ ਲਈ ਹੋਰ ਸਮਾਂ ਕੱਢ ਲਿਆ ਹੈ। ਪਰ ਤੁਸੀਂ ਇਸ ਸਮੇਂ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਵਰਤੋਗੇ? ਜੇ ਤੁਸੀਂ ਪਹਿਲਾਂ ਜਿੰਨੇ ਸਮੇਂ ਵਿਚ ਹੀ ਸਕੂਲ ਦਾ 50 ਪ੍ਰਤਿਸ਼ਤ ਜ਼ਿਆਦਾ ਕੰਮ ਕਰ ਲੈਂਦੇ ਹੋ, ਤਾਂ ਇਸ ਦਾ ਇਹ ਮਤਲਬ ਹੋਵੇਗਾ ਕਿ ਤੁਸੀਂ 50 ਪ੍ਰਤਿਸ਼ਤ ਸਮਾਂ ਹੋਰ ਕੱਢ ਲਿਆ ਹੈ। ਤੁਸੀਂ ਹੇਠਾਂ ਦਿੱਤੇ ਸੁਝਾਵਾਂ ਨੂੰ ਮੰਨ ਕੇ ਆਪਣੇ ਸਮੇਂ ਦੀ ਹੋਰ ਚੰਗੀ ਵਰਤੋਂ ਕਰ ਸਕਦੇ ਹੋ।

ਯੋਜਨਾ ਬਣਾਓ। ਆਪਣਾ ਸਕੂਲ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਕੁਝ ਗੱਲਾਂ ਤੇ ਵਿਚਾਰ ਕਰੋ: ਕਿਹੜੇ ਵਿਸ਼ੇ ਨੂੰ ਪਹਿਲਾਂ ਖ਼ਤਮ ਕਰਨ ਦੀ ਲੋੜ ਹੈ? ਇਸ ਵਿਸ਼ੇ ਉੱਤੇ ਕਿੰਨਾ ਸਮਾਂ ਲਾਇਆ ਜਾਣਾ ਚਾਹੀਦਾ ਹੈ? ਇਸ ਵਿਸ਼ੇ ਦਾ ਕੰਮ ਪੂਰਾ ਕਰਨ ਲਈ ਕਿਹੜੀਆਂ ਚੀਜ਼ਾਂ—ਕਿਤਾਬਾਂ, ਪੇਪਰ, ਪੈੱਨ-ਪੈਂਸਿਲ, ਕੈਲਕੁਲੇਟਰ—ਦੀ ਲੋੜ ਪਵੇਗੀ?

ਪੜ੍ਹਨ ਲਈ ਸਹੀ ਥਾਂ ਭਾਲੋ। ਪੜ੍ਹਨ ਦੀ ਥਾਂ ਤੇ ਧਿਆਨ ਭੰਗ ਨਹੀਂ ਹੋਣਾ ਚਾਹੀਦਾ। ਐਲੀਸ ਨਾਂ ਦੀ ਕੁੜੀ ਕਹਿੰਦੀ ਹੈ: ‘ਜੇ ਤੁਹਾਡੇ ਕੋਲ ਡੈੱਸਕ ਹੈ, ਤਾਂ ਇਸ ਨੂੰ ਵਰਤੋ। ਬਿਸਤਰ ਤੇ ਲੰਮੇ ਪੈ ਕੇ ਪੜ੍ਹਨ ਦੀ ਬਜਾਇ, ਕੁਰਸੀ ਤੇ ਸਿੱਧੇ ਬੈਠਣ ਨਾਲ ਪੜ੍ਹਾਈ ਵਿਚ ਧਿਆਨ ਲਾਉਣ ਵਿਚ ਮਦਦ ਮਿਲਦੀ ਹੈ।’ ਜੇ ਤੁਹਾਡਾ ਆਪਣਾ ਕਮਰਾ ਨਹੀਂ ਹੈ, ਤਾਂ ਸ਼ਾਇਦ ਤੁਸੀਂ ਆਪਣੀ ਪੜ੍ਹਾਈ ਦੇ ਸਮੇਂ ਦੌਰਾਨ ਆਪਣੇ ਭੈਣ-ਭਰਾਵਾਂ ਨੂੰ ਚੁੱਪ ਰਹਿਣ ਲਈ ਬੇਨਤੀ ਕਰ ਸਕਦੇ ਹੋ ਤਾਂਕਿ ਤੁਸੀਂ ਸ਼ਾਂਤੀ ਨਾਲ ਪੜ੍ਹ ਸਕੋ। ਜਾਂ ਫਿਰ ਸ਼ਾਇਦ ਤੁਸੀਂ ਪਾਰਕ ਜਾਂ ਪਬਲਿਕ ਲਾਇਬ੍ਰੇਰੀ ਵਿਚ ਜਾ ਕੇ ਪੜ੍ਹ ਸਕਦੇ ਹੋ। ਜੇ ਤੁਹਾਡਾ ਆਪਣਾ ਕਮਰਾ ਹੈ, ਤਾਂ ਪੜ੍ਹਾਈ ਕਰਨ ਲੱਗਿਆਂ ਟੈਲੀਵਿਯਨ ਨਾ ਲਾਓ ਜਾਂ ਗਾਣੇ ਨਾ ਸੁਣੋ।

ਕੁਝ ਮਿੰਟਾਂ ਲਈ ਆਰਾਮ ਕਰੋ। ਜੇ ਕੁਝ ਸਮਾਂ ਪੜ੍ਹਨ ਤੋਂ ਬਾਅਦ ਧਿਆਨ ਨਹੀਂ ਲੱਗ ਰਿਹਾ ਹੈ, ਤਾਂ ਕੁਝ ਮਿੰਟਾਂ ਲਈ ਆਰਾਮ ਕਰੋ। ਇਸ ਨਾਲ ਤੁਹਾਨੂੰ ਦੁਬਾਰਾ ਧਿਆਨ ਲਾਉਣ ਵਿਚ ਮਦਦ ਮਿਲੇਗੀ।

ਢਿੱਲ-ਮੱਠ ਨਾ ਕਰੋ! ਪਹਿਲਾਂ ਜ਼ਿਕਰ ਕੀਤੀ ਗਈ ਕੇਟੀ ਕਹਿੰਦੀ ਹੈ: “ਢਿੱਲ-ਮੱਠ ਕਰਨ ਦੀ ਮੇਰੀ ਆਦਤ ਬਹੁਤ ਪੁਰਾਣੀ ਹੈ। ਪਤਾ ਨਹੀਂ ਕਿਉਂ, ਮੈਂ ਹਮੇਸ਼ਾ ਆਪਣੇ ਕੰਮ ਨੂੰ ਅਖ਼ੀਰ ਤਕ ਰੱਖ ਛੱਡਦੀ ਹਾਂ।” ਆਪਣੇ ਸਕੂਲ ਦੇ ਕੰਮ ਦੀ ਪੱਕੀ ਸਮਾਂ-ਸਾਰਣੀ ਬਣਾਓ ਅਤੇ ਇਸ ਮੁਤਾਬਕ ਚੱਲਣ ਵਿਚ ਢਿੱਲ-ਮੱਠ ਨਾ ਕਰੋ।

ਸਕੂਲ ਦਾ ਕੰਮ ਬਹੁਤ ਮਹੱਤਵਪੂਰਣ ਹੈ, ਪਰ ਜਿਵੇਂ ਯਿਸੂ ਨੇ ਮਾਰਥਾ ਨੂੰ ਕਿਹਾ ਸੀ, ਸਾਡੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਣ ਯਾਨੀ “ਚੰਗਾ ਹਿੱਸਾ” ਅਧਿਆਤਮਿਕ ਕੰਮ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਸਕੂਲ ਦਾ ਕੰਮ ਤੁਹਾਡੇ ਜ਼ਿਆਦਾ ਮਹੱਤਵਪੂਰਣ ਕੰਮਾਂ ਯਾਨੀ ਬਾਈਬਲ ਪੜ੍ਹਨ, ਸੇਵਕਾਈ ਵਿਚ ਜਾਣ ਤੇ ਮਸੀਹੀ ਸਭਾਵਾਂ ਵਿਚ ਜਾਣ ਵਿਚ ਰੁਕਾਵਟ ਨਾ ਬਣੇ। ਇਨ੍ਹਾਂ ਮਹੱਤਵਪੂਰਣ ਗੱਲਾਂ ਤੋਂ ਤੁਹਾਨੂੰ ਜ਼ਿੰਦਗੀ ਭਰ ਫ਼ਾਇਦਾ ਹੋਵੇਗਾ!—ਜ਼ਬੂਰਾਂ ਦੀ ਪੋਥੀ 1:1, 2; ਇਬਰਾਨੀਆਂ 10:24, 25. (g04 1/22)

[ਸਫ਼ੇ 23 ਉੱਤੇ ਤਸਵੀਰ]

ਇੱਕੋ ਵੇਲੇ ਬਹੁਤ ਸਾਰੇ ਕੰਮ ਕਰਨ ਨਾਲ ਸਕੂਲ ਦੇ ਕੰਮ ਲਈ ਸਮਾਂ ਕੱਢਣਾ ਮੁਸ਼ਕਲ ਹੈ

[ਸਫ਼ੇ 23 ਉੱਤੇ ਤਸਵੀਰ]

ਚੰਗੀ ਯੋਜਨਾ ਬਣਾਉਣ ਨਾਲ ਤੁਹਾਨੂੰ ਆਪਣੇ ਸਕੂਲ ਦੇ ਕੰਮ ਲਈ ਹੋਰ ਸਮਾਂ ਮਿਲੇਗਾ