ਪਹਾੜਾਂ ਉੱਤੇ ਜ਼ਿੰਦਗੀ
ਪਹਾੜਾਂ ਉੱਤੇ ਜ਼ਿੰਦਗੀ
ਬੋਲੀਵੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਪਹਾੜਾਂ ਅਤੇ ਵਾਦੀਆਂ ਦਾ ਸ਼ਾਂਤ ਵਾਤਾਵਰਣ ਅਤੇ ਖੂਬਸੂਰਤ ਨਜ਼ਾਰਾ ਅਕਸਰ ਲੋਕਾਂ ਨੂੰ ਲੁਭਾਉਂਦਾ ਹੈ। ਲੋਕ ਪਹਾੜਾਂ ਦੀ ਸੈਰ ਕਰਨ, ਬੱਦਲਾਂ ਨਾਲ ਗੱਲਾਂ ਕਰਦੀਆਂ ਟੀਸੀਆਂ ਤੇ ਚੜ੍ਹਨ ਜਾਂ ਬਰਫ਼ ਨਾਲ ਢਕੀਆਂ ਪਹਾੜੀ ਢਲਾਣਾਂ ਉੱਤੇ ਸਕੀਇੰਗ ਕਰਨ ਆਉਂਦੇ ਹਨ। ਪਰ ਕਰੋੜਾਂ ਲੋਕਾਂ ਲਈ ਇਹ ਵਾਦੀਆਂ ਅਤੇ ਪਹਾੜੀਆਂ ਹੀ ਉਨ੍ਹਾਂ ਦਾ ਵਸੇਬਾ ਹੁੰਦਾ ਹੈ। ਕਈ ਸ਼ਹਿਰ ਤਾਂ ਬੱਦਲਾਂ ਤੋਂ ਵੀ ਉੱਚੀਆਂ ਥਾਵਾਂ ਤੇ ਬਣੇ ਹੋਏ ਹਨ। ਪਰ ਇੰਨੀਆਂ ਉੱਚੀਆਂ ਥਾਵਾਂ ਤੇ ਕੁਝ ਲੋਕਾਂ ਦੀ ਸਿਹਤ, ਭੋਜਨ ਅਤੇ ਗੱਡੀਆਂ ਉੱਤੇ ਅਜੀਬੋ-ਗ਼ਰੀਬ ਅਸਰ ਪੈ ਸਕਦਾ ਹੈ। ਇਸ ਦਾ ਕੀ ਕਾਰਨ ਹੈ? ਇਨ੍ਹਾਂ ਅਸਰਾਂ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ, ਆਓ ਆਪਾਂ ਦੇਖੀਏ ਕਿ ਦੁਨੀਆਂ ਭਰ ਵਿਚ ਕਿੰਨੇ ਲੋਕ ਪਹਾੜਾਂ ਉੱਤੇ ਰਹਿੰਦੇ ਹਨ।
ਕਈ ਪਹਾੜੀ ਸ਼ਹਿਰਾਂ ਨੇ ਬਹੁਤ ਆਰਥਿਕ ਤਰੱਕੀ ਕੀਤੀ ਹੈ। ਮੈਕਸੀਕੋ ਸਿਟੀ 2,000 ਮੀਟਰ ਤੋਂ ਜ਼ਿਆਦਾ ਉਚਾਈ ਤੇ ਸਥਿਤ ਹੈ ਅਤੇ ਇੱਥੇ ਲੱਖਾਂ ਲੋਕ ਰਹਿੰਦੇ ਹਨ। ਅਮਰੀਕਾ ਵਿਚ ਕੋਲੋਰਾਡੋ ਰਾਜ ਦੇ ਡੈਨਵਰ ਸ਼ਹਿਰ, ਕੀਨੀਆ ਵਿਚ ਨੈਰੋਬੀ ਸ਼ਹਿਰ ਅਤੇ ਦੱਖਣੀ ਅਫ਼ਰੀਕਾ ਵਿਚ ਜੋਹਾਨਸਬਰਗ ਸ਼ਹਿਰ ਦੀ ਉਚਾਈ ਸਮੁੰਦਰ ਦੇ ਤਲ ਤੋਂ 1,500 ਮੀਟਰ ਨਾਲੋਂ ਜ਼ਿਆਦਾ ਹੈ। ਹਿਮਾਲੀਆ ਵਿਚ ਲੱਖਾਂ ਲੋਕ 3,000 ਮੀਟਰ ਤੋਂ ਵੱਧ ਉਚਾਈ ਤੇ ਰਹਿੰਦੇ ਹਨ। ਐਂਡੀਜ਼ ਪਹਾੜਾਂ ਉੱਤੇ ਕਈ ਵੱਡੇ-ਵੱਡੇ ਸ਼ਹਿਰ ਸਮੁੰਦਰ ਦੇ ਤਲ ਤੋਂ 3,300 ਮੀਟਰ ਨਾਲੋਂ
ਜ਼ਿਆਦਾ ਉਚਾਈ ਤੇ ਵਸੇ ਹੋਏ ਹਨ। ਇਨ੍ਹਾਂ ਇਲਾਕਿਆਂ ਵਿਚ ਬਹੁਤ ਸਾਰੇ ਲੋਕ ਖਾਣਾਂ ਵਿਚ ਕੰਮ ਕਰਦੇ ਹਨ ਜੋ 6,000 ਮੀਟਰ ਦੀ ਉਚਾਈ ਤੇ ਸਥਿਤ ਹਨ। ਪਹਾੜੀ ਇਲਾਕਿਆਂ ਵਿਚ ਲੋਕਾਂ ਦੀ ਆਬਾਦੀ ਵਧਣ ਨਾਲ ਅੱਜ ਵਿਗਿਆਨੀ ਇਸ ਵਿਸ਼ੇ ਉੱਤੇ ਕਾਫ਼ੀ ਖੋਜਬੀਨ ਕਰ ਰਹੇ ਹਨ ਕਿ ਮਨੁੱਖੀ ਸਰੀਰ ਆਪਣੇ ਆਪ ਨੂੰ ਪਹਾੜੀ ਮਾਹੌਲ ਅਨੁਸਾਰ ਕਿਵੇਂ ਢਾਲ਼ ਲੈਂਦਾ ਹੈ। ਉਨ੍ਹਾਂ ਦੀ ਖੋਜ ਤੋਂ ਇਕ ਵਾਰ ਫਿਰ ਇਹ ਸਾਬਤ ਹੋਇਆ ਹੈ ਕਿ ਸਾਡਾ ਮਨੁੱਖੀ ਸਰੀਰ ਸੱਚ-ਮੁੱਚ ਲਾਜਵਾਬ ਤਰੀਕੇ ਨਾਲ ਬਣਾਇਆ ਗਿਆ ਹੈ।ਪਹਾੜਾਂ ਦਾ ਸਾਡੇ ਉੱਤੇ ਅਹਿਸਾਸ
ਐਂਡੀਜ਼ ਦੇ ਪਹਾੜੀ ਇਲਾਕੇ ਵਿਚ ਪਹੁੰਚਦੇ ਹੀ ਡਗ ਨੂੰ ਆਪਣੀ ਤਬੀਅਤ ਵਿਗੜਦੀ ਮਹਿਸੂਸ ਹੋਈ। ਉਹ ਕਹਿੰਦਾ ਹੈ: “ਹਵਾਈ ਅੱਡੇ ਤੇ ਜਦੋਂ ਮੈਂ ਸੂਟਕੇਸ ਚੁੱਕਣ ਲਈ ਝੁਕਿਆ, ਤਾਂ ਅਚਾਨਕ ਹੀ ਮੈਨੂੰ ਚੱਕਰ ਆ ਗਿਆ ਅਤੇ ਮੈਂ ਡਿੱਗਦੇ-ਡਿੱਗਦੇ ਬਚਿਆ। ਭਾਵੇਂ ਇਹ ਅਹਿਸਾਸ ਕੁਝ ਹੀ ਸਕਿੰਟਾਂ ਤਕ ਰਿਹਾ, ਪਰ ਅਗਲੇ ਇਕ-ਦੋ ਹਫ਼ਤਿਆਂ ਤਕ ਮੈਨੂੰ ਸਿਰਦਰਦ ਹੁੰਦਾ ਰਿਹਾ। ਰਾਤ ਵੇਲੇ ਸਾਹ ਘੁਟਣ ਕਰਕੇ ਮੇਰੀ ਨੀਂਦ ਵਾਰ-ਵਾਰ ਖੁੱਲ੍ਹ ਜਾਂਦੀ ਸੀ। ਕੁਝ ਮਹੀਨੇ ਮੇਰਾ ਕੁਝ ਵੀ ਖਾਣ ਨੂੰ ਜੀਅ ਨਾ ਕੀਤਾ ਅਤੇ ਮੈਂ ਥੋੜ੍ਹਾ ਜਿਹਾ ਕੰਮ ਕਰ ਕੇ ਹੀ ਥੱਕ ਜਾਂਦਾ ਸੀ। ਹਰ ਵੇਲੇ ਮੇਰਾ ਸੌਣ ਨੂੰ ਹੀ ਮਨ ਕਰਦਾ ਸੀ।” ਡਗ ਦੀ ਪਤਨੀ ਕੇਟੀ ਅੱਗੇ ਕਹਿੰਦੀ ਹੈ: “ਜਦੋਂ ਲੋਕ ਸਾਨੂੰ ਦੱਸਦੇ ਸਨ ਕਿ ਪਹਾੜੀ ਇਲਾਕਿਆਂ ਵਿਚ ਪਹਿਲੀ ਵਾਰ ਜਾਣ ਤੇ ਉਹ ਬਹੁਤ ਬੀਮਾਰ ਹੋ ਗਏ ਸਨ, ਤਾਂ ਮੈਂ ਸੋਚਦੀ ਸੀ ਕਿ ਇਹ ਸਭ ਉਨ੍ਹਾਂ ਦੇ ਮਨ ਦਾ ਭਰਮ ਹੈ। ਪਰ ਹੁਣ ਮੈਂ ਆਪਣੇ ਤਜਰਬੇ ਤੋਂ ਜਾਣ ਗਈ ਹਾਂ ਕਿ ਇਹ ਉਨ੍ਹਾਂ ਦਾ ਭਰਮ ਨਹੀਂ ਸੀ।”
ਡਗ ਦੀ ਨੀਂਦ ਦੀ ਸਮੱਸਿਆ ਨੂੰ ਡਾਕਟਰੀ ਭਾਸ਼ਾ ਵਿਚ “ਪੀਰੀਓਡਿਕ ਬ੍ਰੀਦਿੰਗ” (ਰੁਕ-ਰੁਕ ਕੇ ਸਾਹ ਲੈਣਾ) ਕਹਿੰਦੇ ਹਨ। ਜਦੋਂ ਲੋਕ ਪਹਾੜਾਂ ਤੇ ਨਵੇਂ-ਨਵੇਂ ਆਉਂਦੇ ਹਨ, ਤਾਂ ਉਨ੍ਹਾਂ ਨੂੰ ਇਹ ਸਮੱਸਿਆ ਆਮ ਹੁੰਦੀ ਹੈ। ਜੇ ਤੁਹਾਡੇ ਨਾਲ ਇੱਦਾਂ ਹੋਵੇ, ਤਾਂ ਤੁਸੀਂ ਸ਼ਾਇਦ ਬਹੁਤ ਘਬਰਾ ਜਾਓਗੇ ਕਿਉਂਕਿ ਸੌਂਦੇ ਸਮੇਂ ਤੁਸੀਂ ਸ਼ਾਇਦ ਕਈ ਵਾਰ ਸਾਹ ਲੈਣਾ ਬੰਦ ਕਰ ਦਿਓ। ਆਮ ਤੌਰ ਤੇ ਤੁਸੀਂ ਸਿਰਫ਼ ਕੁਝ ਸਕਿੰਟਾਂ ਲਈ ਹੀ ਸਾਹ ਲੈਣਾ ਬੰਦ ਕਰਦੇ ਹੋ, ਪਰ ਕਦੇ-ਕਦੇ ਲੰਬੇ ਸਮੇਂ ਤਕ ਸਾਹ ਨਾ ਲੈਣ ਕਰਕੇ ਤੁਸੀਂ ਹੌਂਕਦੇ ਹੋਏ ਜਾਗ ਜਾਂਦੇ ਹੋ।
ਪਰ ਕੁਝ ਲੋਕਾਂ ਨੂੰ ਉਚਾਈਆਂ ਨਾਲ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ। ਕਈ ਲੋਕਾਂ ਨੂੰ 2,000 ਮੀਟਰ ਦੀ ਉਚਾਈ ਤੇ ਪਹੁੰਚਦੇ ਹੀ ਅਜੀਬ ਜਿਹਾ ਮਹਿਸੂਸ ਹੋਣ ਲੱਗਦਾ ਹੈ। ਤਿੰਨ ਹਜ਼ਾਰ ਮੀਟਰ ਦੀ ਉਚਾਈ ਤੇ ਲਗਭਗ ਅੱਧੇ ਕੁ ਨਵੇਂ ਲੋਕਾਂ ਦੀ ਤਬੀਅਤ ਵਿਗੜਨ ਲੱਗ ਜਾਂਦੀ ਹੈ। ਦਿਲਚਸਪੀ ਦੀ ਗੱਲ ਹੈ ਕਿ ਪਹਾੜੀ ਲੋਕ ਜਦੋਂ ਨੀਵੀਆਂ ਥਾਵਾਂ ਤੇ ਇਕ-ਦੋ ਹਫ਼ਤੇ ਬਿਤਾਉਣ ਮਗਰੋਂ ਘਰ ਮੁੜਦੇ ਹਨ, ਤਾਂ ਉਹ ਵੀ ਅਕਸਰ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਇਸ ਦਾ ਕੀ ਕਾਰਨ ਹੈ?
ਉਚਾਈ ਦਾ ਤੁਹਾਡੇ ਸਰੀਰ ਉੱਤੇ ਅਸਰ
ਪਹਾੜਾਂ ਉੱਤੇ ਆਮ ਤੌਰ ਤੇ ਆਕਸੀਜਨ ਦੀ ਘਾਟ ਹੋਣ ਕਰਕੇ ਸਿਹਤ ਵਿਗੜਦੀ ਹੈ। ਤੁਸੀਂ ਜਿੰਨਾ ਉੱਚਾ ਚੜ੍ਹਦੇ ਹੋ, ਉੱਨਾ ਹੀ ਹਵਾ ਦਾ ਦਬਾਅ ਘੱਟਦਾ ਜਾਂਦਾ ਹੈ। ਇਸ ਲਈ ਸਮੁੰਦਰ ਦੇ ਤਲ ਤੋਂ 2,000 ਮੀਟਰ ਦੀ ਉਚਾਈ ਤੇ ਹਵਾ ਵਿਚ ਆਮ ਨਾਲੋਂ 20 ਪ੍ਰਤਿਸ਼ਤ ਘੱਟ ਆਕਸੀਜਨ ਹੁੰਦੀ ਹੈ। ਇਸੇ ਤਰ੍ਹਾਂ, 4,000 ਮੀਟਰ ਤੇ ਜਦੋਂ ਤੁਸੀਂ ਸਾਹ ਲੈਂਦੇ ਹੋ, ਤਾਂ ਤੁਹਾਨੂੰ ਆਮ ਨਾਲੋਂ 40 ਪ੍ਰਤਿਸ਼ਤ ਘੱਟ ਆਕਸੀਜਨ ਮਿਲਦੀ ਹੈ। ਸਹੀ ਮਾਤਰਾ ਵਿਚ ਆਕਸੀਜਨ ਨਾ ਮਿਲਣ ਕਰਕੇ ਤੁਹਾਡੇ ਸਰੀਰ ਦੀਆਂ ਜ਼ਿਆਦਾਤਰ ਪ੍ਰਕ੍ਰਿਆਵਾਂ ਉੱਤੇ ਮਾੜਾ ਅਸਰ ਪੈਂਦਾ ਹੈ। ਤੁਹਾਡੀਆਂ ਮਾਸ-ਪੇਸ਼ੀਆਂ ਜਲਦੀ ਥੱਕ ਜਾਂਦੀਆਂ ਹਨ, ਤੁਹਾਡੀ ਤੰਤੂ-ਪ੍ਰਣਾਲੀ ਜ਼ਿਆਦਾ ਤਣਾਅ ਸਹਿ ਨਹੀਂ ਸਕਦੀ ਅਤੇ ਤੁਹਾਡੀ ਪਾਚਨ-ਪ੍ਰਣਾਲੀ ਚਿਕਨਾਈ ਵਾਲੇ ਭੋਜਨ ਨੂੰ ਆਸਾਨੀ ਨਾਲ ਪਚਾ ਨਹੀਂ ਪਾਉਂਦੀ। ਆਮ ਤੌਰ ਤੇ ਸਰੀਰ ਨੂੰ ਜਦੋਂ ਜ਼ਿਆਦਾ ਆਕਸੀਜਨ ਦੀ ਲੋੜ ਹੁੰਦੀ ਹੈ, ਤਾਂ ਸਾਹ ਫੁਲਣ ਕਰਕੇ ਅਸੀਂ ਜ਼ੋਰ-ਜ਼ੋਰ ਦੀ ਸਾਹ ਲੈਣ ਲੱਗਦੇ ਹਾਂ। ਤਾਂ ਫਿਰ ਪਹਾੜੀ ਇਲਾਕਿਆਂ ਵਿਚ ਪਹੁੰਚਣ ਤੇ ਸਾਡਾ ਸਰੀਰ ਆਪਣੇ ਆਪ ਹੀ ਆਕਸੀਜਨ ਦੀ ਘਾਟ ਪੂਰੀ ਕਿਉਂ ਨਹੀਂ ਕਰਦਾ?
ਸਾਡਾ ਸਰੀਰ ਬਹੁਤ ਹੀ ਅਦਭੁਤ ਤਰੀਕੇ ਨਾਲ ਸਾਹ ਪ੍ਰਣਾਲੀ ਨੂੰ ਕੰਟ੍ਰੋਲ ਕਰਦਾ ਹੈ। ਇਸ ਚਮਤਕਾਰ ਨੂੰ ਅਜੇ ਤਕ ਸਾਇੰਸਦਾਨ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਪਰ ਉਨ੍ਹਾਂ ਨੂੰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਜਦੋਂ ਅਸੀਂ ਜ਼ੋਰ ਲਾਉਂਦੇ ਹਾਂ, ਤਾਂ ਸਾਡਾ ਸਾਹ ਸਿਰਫ਼ ਇਸ ਕਰਕੇ ਨਹੀਂ ਫੁਲਦਾ ਕਿ ਸਾਡੇ ਖ਼ੂਨ ਵਿਚ ਆਕਸੀਜਨ ਘੱਟ ਜਾਂਦਾ ਹੈ। ਇਸ ਦੀ ਬਜਾਇ, ਜਦੋਂ ਅਸੀਂ ਮਾਸ-ਪੇਸ਼ੀਆਂ ਨੂੰ ਇਸਤੇਮਾਲ ਕਰਦੇ ਹਾਂ, ਤਾਂ ਇਸ ਨਾਲ ਖ਼ੂਨ ਵਿਚ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਰਕੇ ਅਸੀਂ ਜ਼ੋਰ-ਜ਼ੋਰ ਦੀ ਸਾਹ ਲੈਂਦੇ ਹਾਂ। ਇਹ ਸੱਚ ਹੈ ਕਿ ਪਹਾੜਾਂ ਉੱਤੇ ਤੁਹਾਡਾ ਸਾਹ ਫੁਲਦਾ ਹੈ, ਪਰ ਪਹਾੜੀ ਹਵਾ ਵਿਚ ਆਕਸੀਜਨ ਦੀ ਘਾਟ ਹੋਣ ਕਰਕੇ ਤੁਸੀਂ ਉੱਨੀ ਆਕਸੀਜਨ ਨਹੀਂ ਖਿੱਚ ਪਾਉਂਦੇ ਜਿੰਨੀ ਦੀ ਤੁਹਾਨੂੰ ਲੋੜ ਹੈ।
ਸਿਰਦਰਦ ਕਿਉਂ ਹੁੰਦਾ ਹੈ? ਲਾ ਪਾਜ਼, ਬੋਲੀਵੀਆ ਵਿਚ ਹੋਏ ਡਾਕਟਰੀ ਸੰਮੇਲਨ ਵਿਚ ਇਕ ਡਾਕਟਰ ਨੇ ਕਿਹਾ ਕਿ ਪਹਾੜਾਂ ਉੱਤੇ ਲੋਕਾਂ ਦੀ ਤਬੀਅਤ ਵਿਗੜਨ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਉਨ੍ਹਾਂ ਦੇ ਦਿਮਾਗ਼ ਵਿਚ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਨਾਲ ਕੁਝ ਲੋਕਾਂ ਦੇ ਸਿਰਾਂ ਵਿਚ ਪ੍ਰੈਸ਼ਰ ਵਧ ਜਾਂਦਾ ਹੈ। ਇਹ ਜਾਨਲੇਵਾ ਸਾਬਤ ਹੋ ਸਕਦਾ ਹੈ। ਲੇਕਿਨ ਕੁਝ ਲੋਕਾਂ ਨੂੰ ਇਹ ਸਮੱਸਿਆ ਨਹੀਂ ਆਉਂਦੀ ਕਿਉਂਕਿ ਉਨ੍ਹਾਂ ਦੀ ਖੋਪੜੀ ਵੱਡੀ ਹੋਣ ਕਰਕੇ ਉਹ ਪ੍ਰੈਸ਼ਰ ਨੂੰ ਸਹਾਰ ਲੈਂਦੇ ਹਨ। ਪਰ ਜੇ ਕਿਸੇ ਇਨਸਾਨ ਦਾ ਆਪਣੀਆਂ ਮਾਸ-ਪੇਸ਼ੀਆਂ ਉੱਤੇ ਕੰਟ੍ਰੋਲ ਨਾ ਰਹੇ ਜਾਂ ਉਸ ਦੀ ਨਜ਼ਰ ਧੁੰਦਲੀ ਹੋ ਜਾਵੇ ਜਾਂ ਉਸ ਨੂੰ ਅਜੀਬੋ-ਗ਼ਰੀਬ ਚੀਜ਼ਾਂ ਨਜ਼ਰ ਆਉਣ ਲੱਗ ਪੈਣ ਅਤੇ ਉਹ ਊਲ-ਜਲੂਲ ਗੱਲਾਂ ਕਰਨ ਲੱਗ ਪੈਂਦਾ ਹੈ, ਤਾਂ ਇਹ ਖ਼ਤਰੇ ਦੀਆਂ ਸਾਫ਼ ਨਿਸ਼ਾਨੀਆਂ ਹਨ। ਉਸ ਨੂੰ ਫ਼ੌਰਨ ਡਾਕਟਰ ਕੋਲ ਅਤੇ ਘੱਟ ਉਚਾਈ ਵਾਲੀ ਥਾਂ ਤੇ ਲੈ ਜਾਣਾ ਚਾਹੀਦਾ ਹੈ।
ਸਾਵਧਾਨੀਆਂ ਵਰਤੋ
ਕਿਸੇ ਪਹਾੜੀ ਥਾਂ ਤੇ ਜਾਣ ਤੇ ਅਕਸਰ ਦੂਜੇ ਜਾਂ ਤੀਜੇ ਦਿਨ ਤੇ ਸਾਡੀ ਤਬੀਅਤ ਬਹੁਤ ਹੀ ਖ਼ਰਾਬ ਹੋ ਜਾਂਦੀ ਹੈ। ਇਸ ਲਈ ਪਹਿਲੇ ਕੁਝ ਦਿਨਾਂ ਲਈ ਅਤੇ ਖ਼ਾਸਕਰ ਰਾਤ ਵੇਲੇ ਹਲਕਾ-ਫੁਲਕਾ ਭੋਜਨ ਖਾਣਾ ਹੀ ਬਿਹਤਰ ਹੋਵੇਗਾ। ਚਿਕਨਾਈ ਵਾਲਾ ਭੋਜਨ ਖਾਣ ਦੀ ਬਜਾਇ ਜ਼ਿਆਦਾ ਕਾਰਬੋਹਾਈਡ੍ਰੇਟ ਖਾਓ ਜਿਵੇਂ ਕਿ ਚੌਲ, ਦਲ਼ੀਆ ਅਤੇ ਆਲੂ। ਇਸ ਚੰਗੀ ਸਲਾਹ ਨੂੰ ਮੰਨਣਾ ਵੀ ਅਕਲਮੰਦੀ ਦੀ ਗੱਲ ਹੋਵੇਗੀ: “ਨਾਸ਼ਤਾ ਰਾਜਿਆਂ-ਮਹਾਰਾਜਿਆਂ ਵਾਂਗ ਰੱਜ ਕੇ ਖਾਓ, ਪਰ ਰਾਤ ਵੇਲੇ ਭਿਖਾਰੀਆਂ ਵਾਂਗ ਥੋੜ੍ਹਾ ਹੀ ਖਾਓ।” ਇਸ ਤੋਂ ਇਲਾਵਾ, ਜ਼ਿਆਦਾ
ਭੱਜ-ਦੌੜ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੀ ਤਬੀਅਤ ਹੋਰ ਵੀ ਖ਼ਰਾਬ ਹੋ ਸਕਦੀ ਹੈ। ਨੌਜਵਾਨ ਅਕਸਰ ਇਸ ਸਲਾਹ ਨੂੰ ਨਹੀਂ ਮੰਨਦੇ। ਸ਼ਾਇਦ ਇਸੇ ਕਰਕੇ ਬੀਮਾਰ ਪੈਣ ਵਾਲਿਆਂ ਵਿਚ ਜ਼ਿਆਦਾਤਰ ਨੌਜਵਾਨ ਹੀ ਹੁੰਦੇ ਹਨ।“ਧੁੱਪ ਤੋਂ ਬਚਣ ਲਈ ਟੋਪੀ ਲਓ ਅਤੇ ਮੂੰਹ ਤੇ ਸਨਸਕ੍ਰੀਨ ਲੋਸ਼ਨ ਲਾਓ।” ਪਹਾੜਾਂ ਉੱਤੇ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਥੇ ਦੀ ਹਵਾ ਪਤਲੀ ਹੋਣ ਕਰਕੇ ਤੇਜ਼ ਧੁੱਪ ਤੁਹਾਡੀ ਚਮੜੀ ਨੂੰ ਆਸਾਨੀ ਨਾਲ ਨੁਕਸਾਨ ਪਹੁੰਚਾ ਸਕਦੀ ਹੈ। ਸੂਰਜ ਦੀਆਂ ਕਿਰਨਾਂ ਤੁਹਾਡੀਆਂ ਅੱਖਾਂ ਉੱਤੇ ਵੀ ਭੈੜਾ ਅਸਰ ਪਾ ਸਕਦੀਆਂ ਹਨ, ਇਸ ਲਈ ਇਨ੍ਹਾਂ ਦੀ ਰਾਖੀ ਲਈ ਵਧੀਆ ਕਿਸਮ ਦੀਆਂ ਕਾਲੀਆਂ ਐਨਕਾਂ ਲਾਓ। ਪਹਾੜਾਂ ਦੀ ਠੰਢੀ ਹਵਾ ਤੁਹਾਡੀਆਂ ਅੱਖਾਂ ਦੀ ਨਮੀ ਨੂੰ ਵੀ ਸੋਖ ਲੈਂਦੀ ਹੈ ਜਿਸ ਕਰਕੇ ਕਈਆਂ ਨੂੰ ਅੱਖਾਂ ਵਿਚ ਜਲਣ ਮਹਿਸੂਸ ਹੋਣ ਲੱਗਦੀ ਹੈ। ਇਸ ਤੋਂ ਬਚਣ ਦਾ ਇਕ ਉਪਾਅ ਹੈ ਢੇਰ ਸਾਰਾ ਪਾਣੀ ਪੀਣਾ।
ਡਾਕਟਰਾਂ ਦੀ ਸਲਾਹ ਹੈ ਕਿ ਬੇਹੱਦ ਮੋਟੇ ਵਿਅਕਤੀਆਂ ਨੂੰ ਅਤੇ ਹਾਈ ਬਲੱਡ ਪ੍ਰੈਸ਼ਰ, ਸਿਕਲ-ਸੈੱਲ ਅਨੀਮੀਆ, ਦਿਲ ਜਾਂ ਫੇਫੜਿਆਂ ਦੀਆਂ ਬੀਮਾਰੀਆਂ ਦੇ ਮਰੀਜ਼ਾਂ ਨੂੰ ਪਹਾੜਾਂ ਉੱਤੇ ਜਾਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਆਪਣਾ ਮੁਕੰਮਲ ਡਾਕਟਰੀ ਮੁਆਇਨਾ ਕਰਾ ਲੈਣਾ ਚਾਹੀਦਾ ਹੈ। * ਜੇ ਤੁਹਾਨੂੰ ਜ਼ੁਕਾਮ, ਬਰੋਂਕਾਈਟਿਸ ਜਾਂ ਨਮੂਨੀਏ ਦੀ ਸ਼ਿਕਾਇਤ ਹੈ, ਤਾਂ ਕੁਝ ਸਮੇਂ ਲਈ ਪਹਾੜਾਂ ਤੇ ਨਾ ਜਾਣਾ ਹੀ ਬਿਹਤਰ ਹੋਵੇਗਾ ਕਿਉਂਕਿ ਜ਼ਿਆਦਾ ਕਸਰਤ ਕਰਨ ਨਾਲ ਜਾਂ ਸਾਹ ਦੀ ਨਾਲੀ ਦੀਆਂ ਇਨਫ਼ੈਕਸ਼ਨਾਂ ਕਾਰਨ ਤੁਹਾਡੇ ਫੇਫੜਿਆਂ ਵਿਚ ਪਾਣੀ ਭਰ ਸਕਦਾ ਹੈ ਜੋ ਸ਼ਾਇਦ ਜਾਨਲੇਵਾ ਸਾਬਤ ਹੋਵੇ। ਸਾਹ ਦੀ ਬੀਮਾਰੀ ਹੋਣ ਤੇ, ਪਹਾੜੀ ਲੋਕਾਂ ਦੇ ਸਰੀਰ ਵਿਚ ਵੀ ਆਕਸੀਜਨ ਦੀ ਘਾਟ ਹੋ ਕੇ ਉਨ੍ਹਾਂ ਦੀ ਤਬੀਅਤ ਕਾਫ਼ੀ ਵਿਗੜ ਸਕਦੀ ਹੈ। ਪਰ ਦੂਜੇ ਪਾਸੇ ਇਹ ਦੇਖਿਆ ਗਿਆ ਹੈ ਕਿ ਦਮੇ ਦੇ ਮਰੀਜ਼ ਪਹਾੜੀ ਇਲਾਕਿਆਂ ਵਿਚ ਅਕਸਰ ਬਿਹਤਰ ਮਹਿਸੂਸ ਕਰਦੇ ਹਨ। ਪਹਾੜੀ ਰੋਗਾਂ ਅਤੇ ਇਲਾਜ ਸੰਬੰਧੀ ਕੀਤੇ ਗਏ ਪਹਿਲੇ ਵਿਸ਼ਵ ਸੰਮੇਲਨ ਵਿਚ ਰੂਸੀ ਡਾਕਟਰਾਂ ਦੀ ਇਕ ਟੋਲੀ ਨੇ ਤਾਂ ਇਹ ਵੀ ਕਿਹਾ ਕਿ ਉਹ ਕੁਝ ਖ਼ਾਸ ਰੋਗਾਂ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਉਨ੍ਹਾਂ ਨੂੰ ਪਹਾੜਾਂ ਉੱਤੇ ਕਿਸੇ ਕਲਿਨਿਕ ਵਿਚ ਲੈ ਜਾਂਦੇ ਹਨ।
ਪਹਾੜੀ ਜੀਵਨ ਦੇ ਆਦੀ ਬਣਨਾ
ਲੋਕਾਂ ਨੂੰ ਪਹਾੜੀ ਇਲਾਕਿਆਂ ਵਿਚ ਰਹਿਣ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਦੇਖਿਆ ਜਾਵੇ ਤਾਂ ਕੌਕੇਸਸ ਪਹਾੜਾਂ ਵਰਗੇ ਕੁਝ ਉੱਚੇ-ਉੱਚੇ ਸਥਾਨਾਂ ਵਿਚ ਕਈ ਪਹਾੜੀ ਲੋਕ ਬਹੁਤ ਲੰਬੀ ਜ਼ਿੰਦਗੀ ਜੀਉਂਦੇ ਹਨ। ਕਈ ਲੋਕ ਤਾਂ ਸਾਲਾਂ-ਬੱਧੀ ਉੱਚੀਆਂ-ਉੱਚੀਆਂ ਪਹਾੜੀਆਂ ਵਿਚ ਹੀ ਰਹਿੰਦੇ ਹਨ। ਐਂਡੀਜ਼ ਪਹਾੜਾਂ ਦਾ ਰਹਿਣ ਵਾਲਾ ਸਾਡਾ ਇਕ ਪਾਠਕ ਦੱਸਦਾ ਹੈ: “ਮੈਂ 13 ਸਾਲਾਂ ਤਕ ਇਕ ਜੁਆਲਾਮੁਖੀ ਪਹਾੜ ਦੀ ਟੀਸੀ ਨੇੜੇ ਗੰਧਕ ਦੀ ਖਾਣ ਵਿਚ ਕੰਮ ਕੀਤਾ ਜੋ 6,000 ਮੀਟਰ ਦੀ ਉਚਾਈ ਤੇ ਸਥਿਤ ਸੀ। ਗੰਧਕ ਦੇ ਪੱਥਰਾਂ ਨੂੰ ਹਥੌੜੇ ਨਾਲ ਤੋੜਨ ਲਈ ਬੜਾ ਜ਼ੋਰ ਲਾਉਣਾ ਪੈਂਦਾ ਸੀ, ਪਰ ਫਿਰ ਵੀ ਕੰਮ ਤੋਂ ਬਾਅਦ ਅਸੀਂ ਸਾਰੇ ਫੁੱਟਬਾਲ ਖੇਡਦੇ ਸਾਂ!” ਸਾਡਾ ਸਰੀਰ ਵਾਕਈ ਹੀ ਕਮਾਲ ਦਾ ਹੈ! ਸਾਡੇ ਕਰਤਾਰ ਨੇ ਮਨੁੱਖੀ ਸਰੀਰ ਨੂੰ ਇਸ ਤਰੀਕੇ ਨਾਲ ਰਚਿਆ ਕਿ ਇਹ ਆਸਾਨੀ ਨਾਲ ਨਵੇਂ ਤੋਂ ਨਵੇਂ ਹਾਲਾਤ ਦਾ ਆਦੀ ਬਣ ਜਾਂਦਾ ਹੈ। ਹੁਣ ਆਓ ਆਪਾਂ ਦੇਖੀਏ ਕਿ ਤੁਹਾਡਾ ਸਰੀਰ ਪਹਾੜਾਂ ਉੱਤੇ ਆਕਸੀਜਨ ਦੀ ਘਾਟ ਨਾਲ ਕਿਵੇਂ ਨਜਿੱਠਦਾ ਹੈ।
ਆਕਸੀਜਨ ਦੀ ਘਾਟ ਹੋਣ ਤੇ ਸਭ ਤੋਂ ਪਹਿਲਾਂ ਤੁਹਾਡਾ ਸਰੀਰ ਤੁਹਾਡੇ ਦਿਲ ਅਤੇ ਫੇਫੜਿਆਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਲਈ ਪ੍ਰੇਰਦਾ ਹੈ। ਫਿਰ ਤੁਹਾਡਾ ਸਰੀਰ ਖ਼ੂਨ ਵਿਚ ਪਲਾਜ਼ਮਾ ਨੂੰ ਘਟਾ ਦਿੰਦਾ ਹੈ ਜਿਸ ਨਾਲ ਖ਼ੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਲਾਲ ਸੈੱਲਾਂ ਦੀ ਮਾਤਰਾ ਵਧ ਜਾਂਦੀ ਹੈ, ਜੋ ਸਰੀਰ ਦੇ ਬਾਕੀ ਸਾਰੇ ਸੈੱਲਾਂ ਤਕ ਆਕਸੀਜਨ ਪਹੁੰਚਾਉਂਦੇ ਹਨ। ਤੁਹਾਡੇ ਦਿਮਾਗ਼ ਨੂੰ ਆਕਸੀਜਨ ਦੀ ਜ਼ਿਆਦਾ ਲੋੜ ਹੁੰਦੀ ਹੈ, ਇਸ ਲਈ ਥੋੜ੍ਹੇ ਹੀ ਸਮੇਂ ਵਿਚ ਤੁਹਾਡਾ ਸਰੀਰ ਦਿਮਾਗ਼ ਨੂੰ ਜ਼ਿਆਦਾ ਖ਼ੂਨ ਮੁਹੱਈਆ ਕਰਨ ਲੱਗਦਾ ਹੈ। ਕੁਝ ਹੀ ਘੰਟਿਆਂ ਵਿਚ ਤੁਹਾਡੀਆਂ ਹੱਡੀਆਂ ਵਿਚ ਲਾਲ ਸੈੱਲ ਜ਼ਿਆਦਾ ਬਣਨ ਲੱਗਦੇ ਹਨ ਅਤੇ ਇਨ੍ਹਾਂ ਸੈੱਲਾਂ ਵਿਚ ਆਮ
ਨਾਲੋਂ ਜ਼ਿਆਦਾ ਆਕਸੀਜਨ ਸੋਕਣ ਦੀ ਯੋਗਤਾ ਹੁੰਦੀ ਹੈ। ਮਾਨਸਿਕ ਤੌਰ ਤੇ, ਤੁਹਾਨੂੰ ਪਹਾੜੀ ਇਲਾਕਿਆਂ ਵਿਚ ਰਹਿਣ ਦੇ ਆਦੀ ਬਣਨ ਲਈ ਸ਼ਾਇਦ ਲੰਬਾ ਸਮਾਂ ਲੱਗੇ। ਪਰ ਤੁਹਾਡਾ ਸਰੀਰ ਕੁਝ ਹੀ ਦਿਨਾਂ ਵਿਚ ਇਸ ਨਵੇਂ ਮਾਹੌਲ ਦਾ ਆਦੀ ਹੋ ਜਾਂਦਾ ਹੈ। ਤੁਹਾਡੀ ਸਾਹ ਲੈਣ ਦੀ ਰਫ਼ਤਾਰ ਅਤੇ ਦਿਲ ਦੀ ਧੜਕਣ ਸਾਧਾਰਣ ਹੋ ਜਾਂਦੀ ਹੈ।ਕਾਰਾਂ-ਗੱਡੀਆਂ ਤੇ ਭੋਜਨ
ਆਕਸੀਜਨ ਦੀ ਘਾਟ ਦਾ ਮਾੜਾ ਅਸਰ ਸਿਰਫ਼ ਇਨਸਾਨਾਂ ਉੱਤੇ ਹੀ ਨਹੀਂ ਪੈਂਦਾ, ਸਗੋਂ ਕਾਰਾਂ-ਗੱਡੀਆਂ ਵੀ ਅੱਧ-ਮਰੀਆਂ ਜਿਹੀਆਂ ਹੋ ਕੇ ਚੱਲਦੀਆਂ ਹਨ। ਭਾਵੇਂ ਮਕੈਨਿਕ ਤੁਹਾਡੀ ਕਾਰ ਦੇ ਇੰਜਣ ਵਿਚ ਲੋੜੀਂਦੇ ਫੇਰ-ਬਦਲ ਕਰੇ, ਫਿਰ ਵੀ ਤੁਹਾਡੀ ਕਾਰ ਆਮ ਵਾਂਗ ਨਹੀਂ ਚੱਲਦੀ। ਇਹ ਤਾਂ ਰਹੀ ਕਾਰ ਦੀ ਸਮੱਸਿਆ, ਪਰ ਰਸੋਈ ਵਿਚ ਕਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ?
ਤੁਸੀਂ ਕੇਕ ਬਣਾਉਂਦੇ ਹੋ, ਪਰ ਉਹ ਫੁੱਲਦਾ ਨਹੀਂ। ਤੁਹਾਡੀ ਬਣਾਈ ਹੋਈ ਡਬਲਰੋਟੀ ਹੱਥ ਲਾਉਂਦੇ ਹੀ ਚੂਰਾ-ਚੂਰਾ ਹੋ ਜਾਂਦੀ ਹੈ, ਦਾਲ ਰਿੱਝਦੀ ਨਹੀਂ ਅਤੇ ਉਬਲਿਆ ਅੰਡਾ ਅੰਦਰੋਂ ਕੱਚਾ ਹੀ ਰਹਿ ਜਾਂਦਾ ਹੈ। ਇਹ ਕੁਝ ਸਮੱਸਿਆਵਾਂ ਹਨ ਜੋ ਕਿਸੇ ਵੀ ਸੁਆਣੀ ਨੂੰ ਰੁਲਾ ਸਕਦੀਆਂ ਹਨ। ਪਰ ਪਹਾੜੀ ਇਲਾਕਿਆਂ ਵਿਚ ਇੱਦਾਂ ਕਿਉਂ ਹੁੰਦਾ ਹੈ ਅਤੇ ਤੁਸੀਂ ਇਨ੍ਹਾਂ ਸਮੱਸਿਆਵਾਂ ਨੂੰ ਕਿਵੇਂ ਸੁਲਝਾ ਸਕਦੇ ਹੋ?
ਮੁਸ਼ਕਲਾਂ ਅਕਸਰ ਉਦੋਂ ਪੇਸ਼ ਆਉਂਦੀਆਂ ਹਨ ਜਦੋਂ ਤੁਸੀਂ ਡਬਲਰੋਟੀ ਜਾਂ ਕੇਕ ਆਦਿ ਬਣਾਉਂਦੇ ਹੋ। ਆਮ ਹਾਲਾਤਾਂ ਵਿਚ ਬ੍ਰੈੱਡ ਜਾਂ ਕੇਕ ਬਣਾਉਣ ਲਈ ਮੈਦਾ, ਦੁੱਧ, ਅੰਡਿਆਂ ਆਦਿ ਦਾ ਮਿਸ਼੍ਰਣ ਤਿਆਰ ਕਰਨ ਵੇਲੇ ਇਸ ਵਿਚ ਗੈਸਾਂ ਦੇ ਬੁਲਬੁਲੇ ਮਿਲ ਜਾਂਦੇ ਹਨ ਜੋ ਪਕਾਉਣ ਵੇਲੇ ਫੁੱਲ ਕੇ ਬ੍ਰੈੱਡ ਜਾਂ ਕੇਕ ਨੂੰ ਨਰਮ ਬਣਾਉਂਦੇ ਹਨ। ਪਰ ਪਹਾੜਾਂ ਉੱਤੇ ਹਵਾ ਦਾ ਦਬਾਅ ਘੱਟ ਹੋਣ ਕਰਕੇ ਗੈਸਾਂ ਦੇ ਇਹ ਬੁਲਬੁਲੇ ਜ਼ਿਆਦਾ ਵੱਡੇ ਹੋ ਜਾਂਦੇ ਹਨ ਅਤੇ ਡਬਲਰੋਟੀ ਚੂਰਾ-ਚੂਰਾ ਹੋ ਜਾਂਦੀ ਹੈ। ਜਾਂ ਬੁਲਬੁਲੇ ਫਟ ਜਾਂਦੇ ਹਨ ਜਿਸ ਕਰਕੇ ਕੇਕ ਪਿਚਕ ਜਾਂਦਾ ਹੈ। ਪਰ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਜੇ ਤੁਸੀਂ ਕੇਕ ਬਣਾਉਣ ਲਈ ਅੰਡੇ ਇਸਤੇਮਾਲ ਕਰਦੇ ਹੋ, ਤਾਂ ਅੰਡਿਆਂ ਨੂੰ ਜ਼ਿਆਦਾ ਨਾ ਫੈਂਟੋ। ਜੇ ਡਬਲਰੋਟੀ ਵਰਗੇ ਕਿਸੇ ਭੋਜਨ ਵਿਚ ਖ਼ਮੀਰ ਮਿਲਾਉਣ ਦੀ ਲੋੜ ਪਵੇ, ਤਾਂ ਘੱਟ ਖ਼ਮੀਰ ਇਸਤੇਮਾਲ ਕਰੋ। ਪਹਾੜਾਂ ਉੱਤੇ ਖਾਣਾ ਬਣਾਉਣ ਦੀ ਇਕ ਨਵੀਂ ਕਿਤਾਬ (ਦ ਨਿਊ ਹਾਈ ਐਲਟੀਟਿਊਡ ਕੁਕਬੁੱਕ) ਇਹ ਮਸ਼ਵਰਾ ਦਿੰਦੀ ਹੈ ਕਿ 600 ਮੀਟਰ ਦੀ ਉਚਾਈ ਤੇ ਆਮ ਨਾਲੋਂ 25 ਪ੍ਰਤਿਸ਼ਤ ਅਤੇ 2,000 ਮੀਟਰ ਦੀ ਉਚਾਈ ਤੇ 75 ਪ੍ਰਤਿਸ਼ਤ ਘੱਟ ਖ਼ਮੀਰ ਇਸਤੇਮਾਲ ਕਰਨਾ ਚਾਹੀਦਾ ਹੈ।
ਖ਼ਮੀਰੀ ਡਬਲਰੋਟੀ ਬਣਾਉਣ ਵੇਲੇ ਧਿਆਨ ਰੱਖੋ ਕਿ ਤੌਣ ਫੁੱਲ ਕੇ ਦੁਗਣੇ ਸਾਈਜ਼ ਤੋਂ ਵੱਡੀ ਨਾ ਹੋਵੇ। ਕੇਕ ਵਿਚ ਅੰਡੇ ਇਸਤੇਮਾਲ ਕਰਨ ਨਾਲ ਤੌਣ ਦੇ ਸੈੱਲਾਂ ਦੀਆਂ ਦੀਵਾਰਾਂ ਮਜ਼ਬੂਤ ਹੁੰਦੀਆਂ ਹਨ, ਇਸ ਲਈ ਵੱਡੇ ਅੰਡੇ ਇਸਤੇਮਾਲ ਕਰੋ। ਪਰ ਦੂਜੇ ਪਾਸੇ ਘੱਟ ਖੰਡ ਇਸਤੇਮਾਲ ਕਰੋ ਕਿਉਂਕਿ ਜ਼ਿਆਦਾ ਖੰਡ ਪਾਉਣ ਨਾਲ ਸੈੱਲਾਂ ਦੀ ਦੀਵਾਰ ਕਮਜ਼ੋਰ ਪੈ ਜਾਂਦੀ ਹੈ। ਇਸ ਤੋਂ ਇਲਾਵਾ, ਆਮ ਮਾਤਰਾ ਵਿਚ ਖੰਡ ਪਾਉਣ ਨਾਲ ਕੇਕ ਜ਼ਿਆਦਾ ਮਿੱਠਾ ਹੋ ਜਾਵੇਗਾ ਕਿਉਂਕਿ ਪਹਾੜਾਂ ਉੱਤੇ ਹਵਾ ਦਾ ਦਬਾਅ ਘੱਟ ਹੋਣ ਕਰਕੇ ਕੇਕ ਵਿੱਚੋਂ ਪਾਣੀ ਜਲਦੀ ਸੁੱਕ ਜਾਂਦਾ ਹੈ। ਆਮ ਤੌਰ ਤੇ ਤੁਹਾਨੂੰ ਭੋਜਨ ਵਿਚ ਜ਼ਿਆਦਾ ਪਾਣੀ ਮਿਲਾਉਣਾ ਪਵੇਗਾ ਕਿਉਂਕਿ ਪਹਾੜੀ ਹਵਾ ਵਿਚ ਘੱਟ ਨਮੀ ਹੋਣ ਕਰਕੇ ਭੋਜਨ ਜਲਦੀ ਸੁੱਕ ਜਾਂਦਾ ਹੈ।
ਪਹਾੜਾਂ ਉੱਤੇ ਜ਼ਿਆਦਾਤਰ ਚੀਜ਼ਾਂ ਨੂੰ ਪੱਕਣ ਵਿਚ ਵਾਧੂ ਸਮਾਂ ਲੱਗਦਾ ਹੈ। ਮਿਸਾਲ ਲਈ, 1,500 ਮੀਟਰ ਦੀ ਉਚਾਈ ਤੇ ਅੰਡੇ ਨੂੰ ਉਬਾਲਣ ਲਈ ਆਮ ਨਾਲੋਂ ਇਕ ਮਿੰਟ ਜ਼ਿਆਦਾ ਲੱਗੇਗਾ ਅਤੇ 3,000 ਮੀਟਰ ਦੀ ਉਚਾਈ ਤੇ ਤਿੰਨ ਮਿੰਟ ਜ਼ਿਆਦਾ ਸਮਾਂ ਲੱਗੇਗਾ। ਇਸ ਲਈ ਪਹਾੜੀ ਥਾਵਾਂ ਤੇ ਪ੍ਰੈਸ਼ਰ ਕੁਕਰ ਦਾ ਬਹੁਤ ਫ਼ਾਇਦਾ ਹੁੰਦਾ ਹੈ। ਪਹਾੜਾਂ ਉੱਤੇ ਪ੍ਰੈਸ਼ਰ ਕੁਕਰ ਦੇ ਬਗੈਰ ਦਾਲਾਂ ਅਤੇ ਮਟਰ ਬਣਾਉਣੇ ਲਗਭਗ ਨਾਮੁਮਕਿਨ ਹੀ ਹੋਣਗੇ।
ਤਾਂ ਫਿਰ, ਕੀ ਤੁਹਾਨੂੰ ਪਹਾੜਾਂ ਦੀ ਸੈਰ ਕਰਨ ਤੋਂ ਡਰਨਾ ਚਾਹੀਦਾ ਹੈ? ਬਿਲਕੁਲ ਨਹੀਂ। ਹਾਂ, ਇੰਨਾ ਜ਼ਰੂਰ ਹੈ ਕਿ ਸ਼ਾਇਦ ਤੁਹਾਡਾ ਸਾਹ ਫੁੱਲ ਜਾਵੇ, ਤੁਹਾਡਾ ਸਪੰਜ ਕੇਕ ਦੇਖਣ ਵਿਚ ਰੋਟੀ ਵਰਗਾ ਲੱਗੇ ਅਤੇ ਤੁਹਾਡੀ ਕਾਰ ਕੱਛੂ ਦੀ ਚਾਲ ਚਲੇ। ਪਰ ਜੇ ਤੁਸੀਂ ਸਿਹਤਮੰਦ ਹੋ, ਤਾਂ ਤੁਸੀਂ ਜ਼ਰੂਰ ਪਹਾੜਾਂ ਦੀ ਠੰਢੀ ਹਵਾ ਅਤੇ ਸੋਹਣੇ ਨਜ਼ਾਰਿਆਂ ਦਾ ਲੁਤਫ਼ ਉਠਾਓਗੇ। (g04 3/08)
[ਫੁਟਨੋਟ]
^ ਪੈਰਾ 16 ਕੁਝ ਡਾਕਟਰ ਆਪਣੇ ਮਰੀਜ਼ਾਂ ਨੂੰ ਪਹਾੜੀ ਇਲਾਕਿਆਂ ਵਿਚ ਪਹੁੰਚ ਕੇ ਐਸਟਾਜ਼ੋਲਾਮਾਈਡ ਨਾਂ ਦੀ ਦਵਾਈ ਲੈਣ ਦੀ ਸਲਾਹ ਦਿੰਦੇ ਹਨ। ਇਹ ਦਵਾਈ ਸਾਹ ਦੀ ਰਫ਼ਤਾਰ ਨੂੰ ਵਧਾਉਂਦੀ ਹੈ। ਉਲਟੀਆਂ ਰੋਕਣ ਦੀਆਂ ਵੀ ਕਈ ਦਵਾਈਆਂ ਦੀ ਮਸ਼ਹੂਰੀ ਕੀਤੀ ਜਾਂਦੀ ਹੈ, ਪਰ ਸਾਰੇ ਡਾਕਟਰ ਇਨ੍ਹਾਂ ਦਵਾਈਆਂ ਨੂੰ ਲੈਣਾ ਠੀਕ ਨਹੀਂ ਸਮਝਦੇ।
[ਸਫ਼ੇ 16, 17 ਉੱਤੇ ਡਾਇਆਗ੍ਰਾਮ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਦੁਨੀਆਂ ਭਰ ਦੇ ਕੁਝ ਪਹਾੜੀ ਸ਼ਹਿਰ ਅਤੇ ਪਰਬਤ
—9,000 ਮੀਟਰ
ਐਵਰੇਸਟ ਪਹਾੜ, ਨੇਪਾਲ ਅਤੇ ਚੀਨ
8,850 ਮੀਟਰ
—7,500 ਮੀਟਰ
—6,000 ਮੀਟਰ
ਕਿਲਮਨਜਾਰੋ ਪਹਾੜ, ਤਨਜ਼ਾਨੀਆ
5,895 ਮੀਟਰ
ਆਉਕਾਨਕੀਲਚਾ, ਚਿਲੀ
5,346 ਮੀਟਰ
ਬਲਾਂ ਚੋਟੀ, ਫਰਾਂਸ
4,807 ਮੀਟਰ
—4,500 ਮੀਟਰ
ਪੋਟੋਸੀ, ਬੋਲੀਵੀਆ
4,180 ਮੀਟਰ
ਪਿਊਨੋ, ਪੀਰੂ
3,826 ਮੀਟਰ
ਫ਼ੂਜੀ ਪਹਾੜ, ਜਪਾਨ
3,776 ਮੀਟਰ
ਲਾ ਪਾਜ਼, ਬੋਲੀਵੀਆ
3,625 ਮੀਟਰ
—3,000 ਮੀਟਰ
ਟਰੰਗਸੋ ਜ਼ੌਂਗ, ਭੂਟਾਨ
2,398 ਮੀਟਰ
ਮੈਕਸੀਕੋ ਸਿਟੀ, ਮੈਕਸੀਕੋ
2,239 ਮੀਟਰ
ਵਾਸ਼ਿੰਗਟਨ ਚੋਟੀ,
ਨਿਊ ਹੈਂਪਸ਼ਰ, ਅਮਰੀਕਾ
1,917 ਮੀਟਰ
ਨੈਰੋਬੀ, ਕੀਨੀਆ
1,675 ਮੀਟਰ
ਡੈਨਵਰ, ਕੋਲੋਰਾਡੋ, ਅਮਰੀਕਾ
1,609 ਮੀਟਰ
—1,500 ਮੀਟਰ
—ਸਮੁੰਦਰ ਦਾ ਤਲ—
[ਸਫ਼ੇ 14 ਉੱਤੇ ਤਸਵੀਰ]
ਲਾ ਪਾਜ਼, ਬੋਲੀਵੀਆ 3,625 ਮੀਟਰ
[ਸਫ਼ੇ 14 ਉੱਤੇ ਤਸਵੀਰ]
ਜੋਹਾਨਸਬਰਗ, ਦੱਖਣੀ ਅਫ਼ਰੀਕਾ 1,750 ਮੀਟਰ